ਓਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਓਜ. ਸੰ. ओज्. ਧਾ—ਸ਼ਕਤਿਮਾਨ ਹੋਣਾ. ਜਿਉਣਾ. ਵਧਣਾ। ੨ ਸੰ. ओजस्. ਸੰਗ੍ਯਾ—ਬਲ. ਤਾਕਤ। ੩ ਪ੍ਰਕਾਸ਼. ਤੇਜ। ੪ ਕਾਵ੍ਯ ਦਾ ਇੱਕ ਗੁਣ, ਜਿਸ ਦੇ ਅਸਰ ਨਾਲ ਸ਼੍ਰੋਤਾ ਦਾ ਮਨ ਉਮੰਗ ਅਤੇ ਜੋਸ਼ ਨਾਲ ਭਰਜਾਵੇ। ੫ ਨਿਰੁਕ੍ਤ ਵਿੱਚ ਜਲ ਦਾ ਨਾਉਂ ਓਜ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਓਜ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਓਜ: ਓਜ (ਵੇਖੋ ‘ਕਾਵਿਗੁਣ’) ਦੇ ਕੋਸ਼ਗਤ ਅਰਥ ਹਨ ਤੇਜ, ਪ੍ਰਤਾਪ, ਪ੍ਰਕਾਸ਼ ਆਦਿ। ਸੰਸਕ੍ਰਿਤ ਆਚਾਰਯਾ ਭਰਤ ਮੁਨੀ, ਦੰਡੀ ਅਤੇ ਵਾਮਨ ਵਲੋਂ ਨਿਰਧਾਰਿਤ ਕੀਤੇ ਹੋਏ ਦਸ ਕਾਵਿ ਗੁਣਾਂ ਵਿਚੋਂ ਓਜ ਇਕ ਮਹੱਤਵਪੂਰਣ ਗੁਣ ਹੈ। ਮਾਧੁਰਯ (ਮਧੁਰਤਾ), ਪ੍ਰਸਾਦ ਸ਼ਲੇਸ਼, ਸਮਤਾ, ਸਕੁਮਾਰਤਾ, ਅਰਥ–ਅਭਿਵਿਅਕਤੀ, ਉਦਾਰਤਾ, ਕਾਂਤੀ, ਅਤੇ ਸਮਾਧੀ ਕਾਵਿ ਦੇ ਬਾਕੀ ਨੌਂ ਗੁਣ ਹਨ। ਕਾਵਿ ਦਾ ਜਿਹੜਾ ਗੁਣ ਸਰੋਤਿਆਂ ਵਿਚ ਉਤਸ਼ਾਹ, ਬੀਰਤਾ ਅਤੇ ਜੋਸ਼ ਉਜਾਗਰ ਕਰੇ, ਓਜ ਅਖਵਾਉਂਦਾ ਹੈ। ਭਰਤ ਅਨੁਸਾਰ ਇਹ ਗੁਣ ਅਰਥ ਗੰਭੀਰ ਸੁਖਾਵੀ ਸ਼ੈਲੀ ਵਿਚ ਹੁੰਦਾ ਹੈ, ਦੰਡੀ ਅਨੁਸਾਰ ਸਮਾਸਯੁਕਤ ਪਦਾਂ ਵਿਚ ਓਜ ਗੁਣ ਵਿਆਪਕ ਹੁੰਦਾ ਹੈ ਅਤੇ ਵਾਮਨ ਅਨੁਸਾਰ ਸੰਯੁਕਤ ਅੱਖਰਾਂ ਦੇ ਸੰਜੋਗ ਨਾਲ ਓਜ ਉਤਪੰਨ ਹੁੰਦਾ ਹੈ। ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਓਜ ਗੁਣ ਬੀਰ ਰਸ, ਵੀਭਤਸ ਰਸ, ਅਤੇ ਰੌਦਰ ਰਸ ਨੂੰ ਉਜਾਗਰ ਕਰਨ ਲਈ ਕਾਵਿ ਵਿਚ ਵਿਦਮਾਨ ਹੁੰਦਾ ਹੈ। ਇਹ ਉੱਦਾਤ ਭਾਵ ਉਤਕ੍ਰਿਸ਼ਟ ਸ਼ੈਲੀ ਰਾਹੀਂ ਪੈਦਾ ਕਰਦਾ ਹੈ। ਯੂਨਾਨੀ ਅਲੰਕਾਰਿਕ ਕਾਵਿ (rhetoric poetry) ਦੇ ਗੁਣ ਓਜ ਗੁਣ ਨਾਲ ਮੇਲ ਖਾਂਦੇ ਹਨ।

ਪੰਜਾਬੀ ਬੀਰ ਰਸੀ ਕਾਵਿ ਵਿਚ ਓਜ ਗੁਣ ਵਿਸ਼ੇਸ਼ ਤੌਰ ਤੇ ਮੌਜੂਦ ਹੈ। ਗੁਰ ਗੋਬਿੰਦ ਸਿੰਘ ਦੀ ‘ਚੰਡੀ ਦੀ ਵਾਰ’ ਵਿਚ ਓਜ ਗੁਣ ਪ੍ਰਤੱਖ ਹੈ ਜਿਹੜਾ ਸਰੋਤਿਆਂ ਨੂੰ ਉਤੇਜਿਤ ਕਰਦਾ ਹੈ। ਬੀਰ ਰਸੀ ਸੰਗੀਤ ਉਤਸਾਹ ਦਾ ਸੋਮਾ ਬਣ ਕੇ ਫੁਟਦਾ ਹੈ :

ਦੁਹਾਂ ਕੰਧਾਰਾਂ ਮੁਹਿ ਜੁੜੇ ਜਾ ਸੱਟ ਪਈ ਖਰਵਾਰ ਕਉ।

ਤਕ ਤਕ ਕੈਬਰ ਦੁਰਗਗਾਹ ਤਕ ਮਾਰੇ ਭਲੇ ਜੁਝਾਰ ਕਉ।

ਪੈਦਲ ਮਾਰੇ ਹਾਥੀਆਂ ਸੰਗਿ ਰਥ ਗਿਰੇ ਅਸਵਾਰ ਕਉ।

ਸੋਹਨ ਸੰਜਾ ਬਾਗੜਾ ਜਣੁ ਲੱਗੇ ਫੁਲ ਅਨਾਰ ਕਉ।

ਗੁਸੇ ਆਈ ਕਾਲਕਾ ਹਥਿ ਸੰਜੇ ਲੈ ਤਲਵਾਰ ਕਉ।

ਏਦੂ ਪਾਰਉ ਓਤ ਪਾਰ ਹਰਨਾਕਸਿ ਕਈ  ਹਜ਼ਾਰ ਕਉ।

ਜਿਣ ਇੱਕਾ ਰਹੀ ਕੰਧਾਰ ਕਉ।

ਸਦ ਰਹਮਤ ਤੇਰੇ ਵਾਰ ਕਉ।

ਨਜਾਬਤ ਨੇ ‘ੜ’ ਦੀ ਵਰਤੋਂ ਕਰਕੇ ਬੀਰ ਰਸੀ ਕਵਿਤਾ ਵਿਚ ਓਜ ਉਤਪੰਨ ਕੀਤਾ ਹੈ :

ਦੋਹੀ ਦਲੀਂ ਮੁਕਾਬਲਾ ਰਣ ਸੂਰੇ ਗੜਕਣ।

ਚੜ੍ਹ ਤੋਪਾਂ ਗਡੀ ਢੁਕੀਆਂ ਲਖ ਸੰਗਲ ਖੜਕਣ।

ਜਿਉ ਦਰ ਖੁਲ੍ਹੇ ਦੋਜ਼ਖਾਂ ਮੂੰਹ ਭਾਹੀਂ ਭੜਕਣ।

ਉਹ ਹੱਸ਼ਰ ਦਿਹਾੜਾ ਵੇਖਕੇ ਦਲ ਦੋਵੇਂ ਧੜਕਣ।

ਸੋ, ਤਿੱਖਾ ਬਿਆਨ, ਅਲੰਕਾਰਿਕ ਭਾਸ਼ਾ ਅਤੇ ਸ਼ੈਲੀ ਨੂੰ ਪ੍ਰਭਾਵਪੂਰਣ ਬਣਾਉਣ ਲਈ ਇਕ ਸ਼ਬਦ ਦੀ ਕਈ ਕਾਰ ਵਰਤੋਂ ਓਜ ਗੁਣ ਤੇ ਅੰਗ ਹਨ।                  


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਓਜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਓਜ, ਪੁਲਿੰਗ  : ੧ . ਬਲ, ਪਰਕਾਸ਼, ਨਿੱਗਰਪਣਾ, ਤੇਜ, ਸ਼ਕਤੀਮਾਨ ਹੋਣ ਦਾ ਭਾਵ, ਕਵਿਤਾ ਦਾ ਇਕ ਗੁਣ ਜਿਸ ਨੂੰ ਸੁਣ ਕੇ ਸਰੋਤੇ ਦਾ ਮੰਨ ਉਮੰਗ ਅਤੇ ਜੋਸ਼ ਨਾਲ ਭਰ ਜਾਵੇ; ਇਸਤਰੀ ਲਿੰਗ:  ੨.ਬੀਰਜ ਤੋਂ ਪਰਾਪਤ ਹੋਈ ਚਿਹਰੇ ਦੀ ਚਮਕ, ਪਸਾਰਾ ਆਦਿ ਕਰਨ ਵਾਲੀ ਵਾਹਿਗੁਰੂ ਦੀ ਇਕ ਕਲਾ ਜਾਂ ਸੱਤਿਆ ਜਿਨ੍ਹਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦਾ ਨਾਮ ਦਿੱਤਾ ਹੈ

–ਓਜਸਵੀ, ਵਿਸ਼ੇਸ਼ਣ / ਪੁਲਿੰਗ : ਓਜ ਵਾਲਾ, ਤੇਜ ਵਾਲਾ, ਸੱਤਿਆ ਵਾਲਾ, ਪਰਤਾਪੀ, ਬਲਵਾਨ
 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 233, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-29-03-16-32, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.